ਪ੍ਰਸ਼ਨ
ਯਿਸੂ ਨੂੰ ਆਪਣੇ ਨਿੱਜੀ ਮੁਕਤੀਦਾਤਾ ਵਜੋਂ ਸਵੀਕਾਰ ਕਰਨ ਦਾ ਕੀ ਮਤਲਬ ਹੈ?
ਉੱਤਰ
ਕੀ ਤੁਸੀਂ ਯਿਸੂ ਮਸੀਹ ਨੂੰ ਆਪਣੇ ਨਿੱਜੀ ਮੁਕਤੀਦਾਤੇ ਵਜੋਂ ਸਵੀਕਾਰ ਕੀਤਾ ਹੈ? ਇਸ ਤੋਂ ਪਹਿਲਾਂ ਕਿ ਤੁਸੀਂ ਉੱਤਰ ਦੇਵੋਂ, ਇਸ ਸਵਾਲ ਨੂੰ ਚੰਗੀ ਤਰਾਂ ਸਮਝਣ ਦੇ ਲਈ, ਤੁਹਾਨੂੰ "ਯਿਸੂ ਮਸੀਹ," "ਨਿੱਜੀ" ਅਤੇ "ਮੁਕਤੀਦਾਤਾ" ਸ਼ਬਦਾਂ ਨੂੰ ਚੰਗੀ ਤਰਾਂ ਸਮਝਣਾ ਚਾਹੀਦਾ ਹੈ।
ਯਿਸੂ ਮਸੀਹ ਕੌਣ ਹੈ? ਬਹੁਤ ਸਾਰੇ ਲੋਕ ਯਿਸੂ ਮਸੀਹ ਨੂੰ ਇੱਕ ਭਲਾ ਮਨੁੱਖ, ਮਹਾਨ ਅਧਿਆਪਕ ਜਾਂ ਔਥੋਂ ਤੀਕੁਰ ਕਿ ਪਰਮੇਸ਼ੁਰ ਦੇ ਇੱਕ ਪੈਗੰਬਰ ਦੇ ਰੂਪ ਵਿੱਚ ਸਵੀਕਾਰ ਕਰਨਗੇ। ਯਿਸੂ ਬਾਰੇ ਇਹ ਗੱਲਾਂ ਯਕੀਨੀ ਤੌਰ ਤੇ ਸੱਚੀਆਂ ਹਨ, ਪ੍ਰੰਤੂ ਇਹ ਇਸ ਗੱਲ ਨੂੰ ਪਰਿਭਾਸ਼ਤ ਨਹੀਂ ਕਰਦੀਆਂ ਕਿ ਉਹ ਅਸਲ ਵਿੱਚ ਕੌਣ ਹੈ। ਬਾਈਬਲ ਸਾਨੂੰ ਦੱਸਦੀ ਹੈ ਕਿ ਯਿਸੂ ਸ਼ਰੀਰ ਵਿੱਚ ਪਰਮੇਸ਼ੁਰ ਹੈ, ਪਰਮੇਸ਼ੁਰ ਮਨੁੱਖ ਬਣ ਗਿਆ (ਵੇਖੋ ਯੂਹੰਨਾ 1:1, 14)। ਪਰਮੇਸ਼ੁਰ ਸਾਨੂੰ ਸਿੱਖਿਆ ਦੇਣ, ਸਾਨੂੰ ਸੁਧਾਰਨ, ਸਾਨੂੰ ਮੁਆਫ ਕਰਨ – ਅਤੇ ਸਾਡੇ ਲਈ ਮਰਨ ਵਾਸਤੇ ਧਰਤੀ ਦੇ ਉੱਤੇ ਆ ਗਿਆ! ਯਿਸੂ ਮਸੀਹ ਪਰਮੇਸ਼ੁਰ, ਸਿਰਜਣਹਾਰ, ਸਰਬਸੱਤਾ ਪ੍ਰਾਪਤ ਪ੍ਰਭੂ ਹੈ। ਕੀ ਤੁਸੀਂ ਇਸ ਯਿਸੂ ਨੂੰ ਸਵੀਕਾਰ ਕੀਤਾ ਹੈ?
ਇੱਕ ਮੁਕਤੀਦਾਤਾ ਕੌਣ ਹੁੰਦਾ ਹੈ ਅਤੇ ਸਾਨੂੰ ਇੱਕ ਮੁਕਤੀਦਾਤਾ ਦੀ ਲੋੜ ਕਿਉਂ ਹੈ? ਬਾਈਬਲ ਸਾਨੂੰ ਦੱਸਦੀ ਹੈ ਕਿ ਅਸੀਂ ਸਾਰਿਆਂ ਨੇ ਪਾਪ ਕੀਤਾ ਹੈ; ਅਸੀਂ ਸਾਰਿਆਂ ਨੇ ਬੁਰੇ ਕੰਮ ਕੀਤੇ ਹਨ (ਰੋਮੀਆਂ 3:10-18)। ਸਾਡੇ ਪਾਪ ਦੇ ਸਿੱਟੇ ਵਜੋਂ ਅਸੀਂ ਪਰਮੇਸ਼ੁਰ ਦੇ ਕ੍ਰੋਧ ਅਤੇ ਨਿਆਉ ਦੇ ਹੇਠ ਹਾਂ। ਇੱਕ ਬੇਅੰਤ ਅਤੇ ਸਦੀਪਕਕਾਲ ਦੇ ਪਰਮੇਸ਼ੁਰ ਦੇ ਵਿਰੁੱਧ ਕੀਤੇ ਹੋਏ ਪਾਪਾਂ ਦੇ ਲਈ ਕੇਵਲ ਇੱਕੋ ਇੱਕ ਯੋਗ ਸਦੀਪਕਕਾਲ ਦੀ ਸਜ਼ਾ ਹੈ (ਰੋਮੀਆਂ 6:23; ਪ੍ਰਕਾਸ਼ ਦੀ ਪੋਥੀ 20:11–15)। ਇਸੇ ਲਈ ਸਾਨੂੰ ਇੱਕ ਮੁਕਤੀਦਾਤਾ ਦੀ ਲੋੜ ਹੈ!
ਯਿਸੂ ਮਸੀਹ ਧਰਤੀ ਤੇ ਆਇਆ ਅਤੇ ਸਾਡੀ ਥਾਂ ਤੇ ਮਰ ਗਿਆ। ਮਨੁੱਖੀ ਸ਼ਰੀਰ ਦੇ ਵਿੱਚ ਪਰਮੇਸ਼ੁਰ ਵਜੋਂ ਯਿਸੂ ਦੀ ਮੌਤ ਸਾਡੇ ਪਾਪਾਂ ਦੀ ਕੀਮਤ ਦੇ ਲਈ ਇੱਕ ਬੇਅੰਤ ਅਦਾਇਗੀ ਸੀ (2 ਕੁਰਿੰਥੀਆਂ 5:21)। ਯਿਸੂ ਸਾਡੇ ਪਾਪਾਂ ਦੀ ਸਜ਼ਾ ਦੇ ਜੁਰਮਾਨੇ ਨੂੰ ਅਦਾ ਕਰਨ ਲਈ ਮਰ ਗਿਆ (ਰੋਮੀਆਂ 5:8)। ਯਿਸੂ ਨੇ ਉਹ ਕੀਮਤ ਆਪ ਅਦਾ ਕਰ ਦਿੱਤੀ ਤਾਂ ਜੋ ਉਹ ਸਾਨੂੰ ਅਦਾ ਨਾ ਕਰਨੀ ਪਵੇ। ਯਿਸੂ ਦੇ ਮੁਰਦਿਆਂ ਦੇ ਵਿੱਚੋਂ ਜੀ ਉੱਠਣ ਨੇ ਸਾਬਤ ਕਰ ਦਿੱਤਾ ਕਿ ਉਸਦੀ ਮੌਤ ਸਾਡੇ ਪਾਪਾਂ ਦੇ ਜੁਰਮਾਨੇ ਨੂੰ ਅਦਾ ਕਰਨ ਲਈ ਕਾਫੀ ਸੀ। ਇਸੇ ਕਰਕੇ ਯਿਸੂ ਹੀ ਇੱਕੋ ਇੱਕ ਅਤੇ ਇੱਕਲਾ ਮੁਕਤੀਦਾਤਾ ਹੈ (ਯੂਹੰਨਾ 14:6; ਰਸੂਲਾਂ ਦੇ ਕਰਤੱਬ 4:12)! ਕੀ ਤੁਸੀਂ ਯਿਸੂ ਵਿੱਚ ਤੁਹਾਡੇ ਮੁਕਤੀਦਾਤਾ ਵਜੋਂ ਵਿਸ਼ਵਾਸ਼ ਕਰ ਰਹੇ ਹੋ?
ਕੀ ਯਿਸੂ ਤੁਹਾਡਾ "ਨਿੱਜੀ" ਮੁਕਤੀਦਾਤਾ ਹੈ? ਬਹੁਤ ਸਾਰੇ ਲੋਕ ਮਸੀਹੀਅਤ ਨੂੰ ਗਿਰਜੇ ਅਰਥਾਤ ਕਲੀਸਿਯਾ ਦੇ ਵਿੱਚ ਹਾਜ਼ਰੀ ਭਰਨ, ਰੀਤੀ ਰਿਵਾਜ਼ਾਂ ਨੂੰ ਪੂਰਿਆਂ ਕਰਨ, ਅਤੇ ਕੁੱਝ ਖਾਸ ਪਾਪਾਂ ਨੂੰ ਨਾ ਕਰਨ ਦੇ ਨਾਲ ਜੋੜਦੇ ਹਨ। ਇਹ ਮਸੀਹੀਅਤ ਨਹੀਂ ਹੈ। ਅਸਲੀ ਮਸੀਹਅਤ ਯਿਸੂ ਮਸੀਹ ਦੇ ਨਾਲ ਇੱਕ ਨਿੱਜੀ ਸਬੰਧ ਕਾਇਮ ਕਰਨਾ ਹੈ। ਯਿਸੂ ਨੂੰ ਤੁਹਾਡੇ ਨਿੱਜੀ ਮੁਕਤੀਦਾਤੇ ਵਜੋਂ ਸਵੀਕਾਰ ਕਰਨ ਦਾ ਅਰਥ ਇਹ ਹੈ ਕਿ ਤੁਹਾਡੇ ਆਪਣੇ ਨਿੱਜੀ ਵਿਸ਼ਵਾਸ਼ ਅਤੇ ਯਕੀਨ ਨੂੰ ਉਸ ਵਿੱਚ ਪ੍ਰਗਟ ਕਰਨਾ। ਹੋਰਨਾਂ ਦੇ ਵਿਸ਼ਵਾਸ਼ ਦੁਆਰਾ ਕੋਈ ਨਹੀਂ ਬਚਾਇਆ ਜਾਂਦਾ। ਕੁੱਝ ਖਾਸ ਕੰਮਾਂ ਨੂੰ ਕਰਨ ਕਰਕੇ ਕਿਸੇ ਨੂੰ ਮੁਆਫ ਨਹੀਂ ਕੀਤਾ ਜਾਂਦਾ ਹੈ। ਬਚਾਏ ਜਾਣ ਦੇ ਲਈ ਕੇਵਲ ਇੱਕੋ ਇੱਕ ਰਸਤਾ ਨਿੱਜੀ ਤੌਰ ਤੇ ਯਿਸੂ ਨੂੰ ਆਪਣੇ ਮੁਕਤੀਦਾਤਾ ਵਜੋਂ ਸਵੀਕਾਰ ਕਰਨਾ, ਉਸਦੀ ਮੌਤ ਨੂੰ ਤੁਹਾਡੇ ਪਾਪਾਂ ਦੀ ਅਦਾ ਕੀਤੀ ਹੋਈ ਕੀਮਤ ਸਮਝਣਾ, ਅਤੇ ਉਸਦੇ ਜੀ ਉੱਠਣ ਨੂੰ ਸਦੀਪਕਕਾਲ ਜੀਵਨ ਦੀ ਆਪਣੇ ਲਈ ਗਾਰੰਟੀ ਸਮਝਣਾ (ਯੂਹੰਨਾ 3:16)। ਕੀ ਯਿਸੂ ਨਿੱਜੀ ਤੌਰ ਤੇ ਤੁਹਾਡਾ ਮੁਕਤੀਦਾਤਾ ਹੈ?
ਜੇ ਤੁਸੀਂ ਯਿਸੂ ਮਸੀਹ ਨੂੰ ਆਪਣੇ ਨਿੱਜੀ ਮੁਕਤੀਦਾਤਾ ਵਜੋਂ ਸਵੀਕਾਰ ਕਰਨਾ ਚਾਹੁੰਦੇ ਹੋ, ਤਾਂ ਪਰਮੇਸ਼ੁਰ ਨੂੰ ਹੇਠਾਂ ਦਿੱਤੇ ਸ਼ਬਦ ਕਹੋ। ਯਾਦ ਰੱਖੋ, ਇਸ ਪ੍ਰਾਰਥਨਾ ਨੂੰ ਜਾਂ ਕਿਸੇ ਹੋਰ ਪ੍ਰਾਰਥਨਾ ਨੂੰ ਕਹਿਣਾ ਤੁਹਾਨੂੰ ਬਚਾ ਨਹੀਂ ਸੱਕਦਾ। ਇਹ ਕੇਵਲ ਯਿਸੂ ਮਸੀਹ ਵਿੱਚ ਵਿਸ਼ਵਾਸ ਹੀ ਹੈ ਜੋ ਤੁਹਾਨੂੰ ਪਾਪ ਤੋਂ ਬਚਾ ਸਕਦਾ ਹੈ। ਇਹ ਪ੍ਰਾਰਥਨਾ ਤਾਂ ਕੇਵਲ ਪਰਮੇਸ਼ੁਰ ਵਿੱਚ ਤੁਹਾਡਾ ਵਿਸ਼ਵਾਸ ਪ੍ਰਗਟ ਕਰਨ ਅਤੇ ਤੁਹਾਡੀ ਮੁਕਤੀ ਦਾ ਪ੍ਰਬੰਧ ਕਰਨ ਵਾਸਤੇ ਉਸਦਾ ਧੰਨਵਾਦ ਦੇਣ ਦਾ ਤਰੀਕਾ ਹੈ। “ਹੇ ਪਰਮੇਸ਼ੁਰ, ਮੈਂ ਜਾਣਦਾ ਹਾਂ ਕਿ ਮੈਂ ਤੇਰੇ ਖਿਲਾਫ ਪਾਪ ਕੀਤਾ ਹੈ ਅਤੇ ਸਜ਼ਾ ਦਾ ਹੱਕਦਾਰ ਹਾਂ। ਪ੍ਰੰਤੂ ਯਿਸੂ ਮਸੀਹ ਨੇ ਉਹ ਸਜ਼ਾ ਆਪਣੇ ਉੱਤੇ ਲੈ ਲਈ ਜਿਸਦਾ ਹੱਕਦਾਰ ਮੈਂ ਸੀ ਤਾਂ ਜੋ ਉਸ ਵਿੱਚ ਵਿਸ਼ਵਾਸ ਕਰਨ ਦੇ ਦੁਆਰਾ ਮੈਨੂੰ ਮਾਫ ਕਰ ਦਿੱਤਾ ਜਾਵੇ। ਮੈਂ ਆਪਣੀ ਮੁਕਤੀ ਦੇ ਲਈ ਤੇਰੇ ਉੱਤੇ ਭਰੋਸਾ ਕਰਦਾ ਹਾਂ। ਤੇਰੀ ਇਸ ਅਦਭੁਤ ਮਹਿਮਾ ਅਤੇ ਮਾਫੀ ਵਾਸਤੇ ਤੇਰਾ ਧੰਨਵਾਦ – ਜੋ ਕਿ ਸਦੀਪਕ ਜੀਉਣ ਦਾ ਤੋਹਫਾ ਹੈ! ਆਮੀਨ!"
ਜੋ ਕੁੱਝ ਤੁਸੀਂ ਐਥੇ ਪੜ੍ਹਿਆ ਹੈ ਉਸਦੇ ਸਿੱਟੇ ਵੱਜੋਂ ਕੀ ਤੁਸੀਂ ਮਸੀਹ ਦੇ ਬਾਰੇ ਕੋਈ ਫੈਸਲਾ ਲਿਆ ਹੈ? ਜੇ ਅਜਿਹਾ ਹੈ, ਤਾਂ ਕਿਰਪਾ ਕਰਕੇ ਹੇਠਾਂ "ਮੈਂ ਅੱਜ ਹੀ ਮਸੀਹ ਨੂੰ ਸਵੀਕਾਰ ਕਰ ਲਿਆ ਹੈ" ਵਾਲੇ ਬਟਨ ਨੂੰ ਦਬਾਓ।
English
ਯਿਸੂ ਨੂੰ ਆਪਣੇ ਨਿੱਜੀ ਮੁਕਤੀਦਾਤਾ ਵਜੋਂ ਸਵੀਕਾਰ ਕਰਨ ਦਾ ਕੀ ਮਤਲਬ ਹੈ?